O

Roop Dhillion
2015
H.B
Punjabi Books

978-93-5204-066-7

Availability: In Stock

Price: र 295.00

Grade 
Sunil Kumar
25/09/2015

O

ਹਰੇਕ ਦੇਸ਼ ਅਤੇ ਹਰੇਕ ਰਾਜ ਦੀ ਲੇਖਨ ਸ਼ੈਲੀ ਕੁਝ ਵੱਖਰੀ ਹੁੰਦੀ ਹੈ ਜੋ ਉਸ ਦੇਸ਼ ਜਾਂ ਰਾਜ ਦੀ ਰਵਾਇਤੀ ਸ਼ੈਲੀ ਵਜੋਂ ਕਈ ਕਈ ਸਦੀਆਂ ਤੀਕ ਵੀ, ਵਿਕਸਿਤ ਹੁੰਦਿਆਂ ਹੋਇਆਂ ਨਿਰੰਤਰ ਚਲਦੀ ਜਾਂਦੀ ਹੈ। ਇੰਝ ਹੀ ਭਾਰਤ ਦੇ ਪੰਜਾਬ ਰਾਜ ਦੀ ਵਾਰਤਕ ਦੀ ਸ਼ੈਲੀ ਵੀ ਹੈ ਜੋ ਹੋਰਨਾ ਸ਼ੈਲੀਆਂ ਵਾਂਗ ਰਵਾਇਤੀ ਹੈ। ਇਸ ਦਾ ਇਕ ਵੱਡਾ ਕਾਰਣ ਇਹ ਵੀ ਹੈ ਕਿ ਪੰਜਾਬੀ ਭਾਸ਼ਾ ਵਿਚ ਸਾਹਿਤ ਰਚਣ ਵਾਲੇ ਬਹੁਤੇਰੇ ਸਾਹਿਤਕਾਰ ਪੰਜਾਬ ਦੇ ਹੀ ਜੰਮਪਲ ਹੁੰਦੇ ਹਨ। ਉਨ੍ਹਾ ਨੇਂ ਬਚਪਨ ਤੋਂ ਹੀ ਪੰਜਾਬੀ ਦਾ ਰਵਾਇਤੀ ਸਾਹਿਤ ਪੜ੍ਹਿਆ, ਸੁਣਿਆ ਅਤੇ ਹੰਢਾਇਆ ਹੁੰਦਾ ਹੈ ਜੋ ਉਨ੍ਹਾ ਦੀਆਂ ਹੱਡਾਂ ਵਿਚ ਰੱਚ-ਵੱਸ ਚੁੱਕਾ ਹੁੰਦਾ ਹੈ। ਬੇਸ਼ਕ ਹਰ ਸਾਹਿਤਕਾਰ ਕੁਝ ਨਵਾਂ ਪੇਸ਼ ਕਰਨ ਦੀ ਦਿਲੀ ਤਮੰਨਾ ਰੱਖਦਾ ਹੈ ਅਤੇ ਇਸ ਲਈ ਨਿਰੰਤਰ ਕੋਸ਼ਿਸ਼ਾਂ ਵੀ ਕਰਦਾ ਰਹਿੰਦਾ ਹੈ ਪਰ ਫਿਰ ਵੀ ਰਵਾਇਤਾਂ ਦਾ ਪਿੰਜਰਾ ਉਨ੍ਹਾ ਨੂੰ ਕਿਧਰੇ ਨਾ ਕਿਧਰੇ ਰੋਕ ਲਾਉਂਦਾ ਹੈ ਅਤੇ ਉਸਨੂੰ ਖੁੱਲ ਕੇ ਉਡਾਰੀਆਂ ਲਾਉਣ ਤੋਂ ਰੋਕਦਾ ਹੈ। ਪੰਜਾਬੀ ਸਾਹਿਤ ਰਚਨਾ ਦੀ ਇਸ ਰਵਾਇਤੀ ਲੜੀ ਵਿਚ 'ਰੂਪ' ਢਿੱਲੋਂ ਇਕ ਅਪਵਾਦ ਹੈ ਜਿਸਨੇ ਲਗਭਗ ਸਾਰੀਆਂ ਰਵਾਇਤਾਂ ਨੂੰ ਤੋੜਦਿਆਂ ਹੋਇਆਂ ਪੰਜਾਬੀ ਵਾਰਤਕ ਸਾਹਿਤ ਨੂੰ ਇਕ ਨਵਾਂ 'ਰੂਪ' ਬਖ਼ਸ਼ਿਆ ਹੈ, ਇਕ ਨਵੀਂ ਉਡਾਣ ਭਰੀ ਹੈ। ਪੰਜਾਬੀ ਮੂਲ ਦੇ, ਪਰ ਵਿਦੇਸ਼ ਵਿਚ ਜਾ ਵਸੇ ਮਾਂ-ਬਾਪ ਦੀ ਓਲਾਦ, ਯੂਨਾਈਟੇਡ-ਕਿੰਗਡਮ ਦੇ ਜੰਮਪਲ, ਹਾਉਨਸਲੌ ਕਾਲਜ, ਓਕਸਫੋਰਡ ਅਤੇ ਡੀ-ਮੋਂਟਫੋਰਟ ਵਿਸ਼ਵਵਿਦਿਆਲਿਆਂ ਦੇ ਵਿਦਿਆਰਥੀ, ਅੰਗਰੇਜ਼ੀ ਸਾਹਿਤ ਪੜ੍ਹ ਕੇ ਉੱਸਰੇ ਰੂਪ ਢਿੱਲੋਂ ਵੱਲੋਂ ਇਸੇ ਨਵੇਂ ਪੇਸ਼ ਕੀਤੇ ਪੰਜਾਬੀ ਵਾਰਤਕ ਸਾਹਿਤ ਦੇ ਨਿਵੇਕਲੇ 'ਰੂਪ' ਦਾ ਚੰਗਾ ਉਦਾਹਰਣ ਹੈ ਨਾਵਲ 'ਓ' ਜਿਸ ਨੂੰ ਲਿਖਣ ਲਈ ਰੂਪ ਢਿੱਲੋਂ ਨੇਂ ਬਹੁਤੇਰੀ ਮਿਹਨਤ ਕੀਤੀ ਹੈ ਜਿਸਦਾ ਇਕ ਉਦਾਹਰਣ ਇਹ ਹੈ ਕਿ ਇਸ ਨਾਵਲ ਦੇ ਸਾਰੇ ਹੀ ਅਧਿਆਇਆਂ (ਚੈਪਟਰਾਂ) ਦੇ ਸਿਰਲੇਖ ਪੰਜਾਬੀ ਵਰਣਮਾਲਾ ਦੇ ਸਾਰੇ ਅਤੇ ਲੜੀਵਾਰ ਅੱਖਰਾਂ ਨਾਲ ਦਰਸਾਏ ਗਏ ਹਨ ਅਤੇ ਖ਼ਾਸ ਮੁਸ਼ੱਕਤ ਨਾਲ ਹਰੇਕ ਅਧਿਆਇ ਦੇ ਪਹਿਲੇ ਸ਼ਬਦ ਦਾ ਪਹਿਲਾ ਅੱਖਰ ਉਹੀ ਚਿਣਿਆ ਗਿਆ ਹੈ ਜੋ ਕਿ ਉਸ ਅਧਿਆਇ ਦਾ ਸਿਰਲੇਖ ਅੱਖਰ ਹੈ। ਇਸ ਤਰਾਂ ਦੀ ਕਲਾਕਾਰੀ ਅੰਗਰੇਜ਼ੀ ਸਾਹਿਤ ਵਿਚ ਹੀ ਵਧੇਰੇ ਦੇਖਣ ਨੂੰ ਮਿਲਦੀ ਹੈ, ਪਰ ਪੰਜਾਬੀ ਭਾਸ਼ਾਈ ਸਾਹਿਤ ਵਿਚ ਨਹੀਂ:
" ਣ
"ਣਾਣਾ", ਪੈਂਤੀ ਦੇ ਵੀਹਵੇਂ ਅੱਖਰ ਬਾਅਦ, ਕੁੜੀ ਦਾ ਉਪਨਾਮ ਰੱਖਿਆ ਸੀ। ਕੁੜੀ ਦੀ ਖਿੱਲੀ ਉਡਾਉਣ ਲਈ ਇਹ ਨਾਂ ਰੱਖਿਆ ਸੀ, ਕਿਉਂਕਿ ਵਿਚਾਰੀ ਨੂੰ ਆਵਦਾ ਨਾਂ ਸਹੀ ਤਰ੍ਹਾਂ ਕਹਿਣਾ ਨਹੀਂ ਆਉਂਦਾ ਸੀ। ਜਦ ਬੋਲੇ, ਉਹ ਤੁਤਲਾਉਂਦੀ ਸੀ…………ਥੱਥ ਕਰਕੇ ਦਇਆ ਕਰਨੀ ਚਾਹੀਂਦੀ ਸੀ, ਪਰ ਲੋਕ ਸਿਤਮੀ ਆਦਤ ਹੁੰਦੇ ਨੇ…………ਉਸਦਾ ਅਸਲੀ ਨਾਂ ਨਾਣਾ ਸੀ।" (ਸਫ਼ਾ-78)

ਲੰਡਨ ਵਿਚ ਇਕ ਗੱਲ ਬਹੁਤ ਮਸ਼ਹੂਰ ਹੈ ਕਿ ਟੁੱਟੀ ਫੁੱਟੀ ਅੰਗਰੇਜ਼ੀ ਤਾਂ ਹਰ ਕੋਈ ਹੀ ਲਿਖ ਬੋਲ ਲੈਂਦਾ ਹੈ, ਜੇਕਰ ਅੰਗਰੇਜ਼ੀ ਦਾ ਮਾਹਿਰ ਬਣਨਾ ਹੋਵੇ ਤਾਂ ਅੰਗਰੇਜ਼ੀ ਦੇ ਨਾਵਲ ਪੜ੍ਹੌ। ਸੋ, ਰੂਪ ਢਿੱਲੋਂ ਵੀ ਬਚਪਨ ਤੋਂ ਹੀ ਅੰਗਰੇਜ਼ੀ ਦੇ ਨਾਵਲ ਪੜ੍ਹ ਪੜ੍ਹ ਕੇ ਉੱਸਰਿਆ ਅਤੇ ਉਸ ਅੰਦਰ ਵੀ ਲਿਖਣ ਦਾ ਗੁਣ ਆਪ ਮੁਹਾਰੇ ਹੀ ਵਿਕਸਿਤ ਹੋ ਗਿਆ। ਪਰ ਪੰਜਾਬੀ ਮੂਲ ਦੇ ਮਾਪਿਆਂ ਦੀ ਓਲਾਦ ਹੋਣ ਕਾਰਨ ਹੀ ਉਸਦਾ ਖ਼ੂਨ ਪੰਜਾਬੀ ਭਾਸ਼ਾ ਸਿੱਖਣ ਲਈ ਉਛਾਲ਼ੀਆਂ ਮਾਰਦਾ ਸੀ ਕਿਉਂ ਜੋ ਉਹ ਆਪਣੇ ਮਾਪਿਆਂ ਦੀ ਮਾਂ ਬੋਲੀ ਪੰਜਾਬੀ ਵਿਚ ਨਾਵਲ ਲਿਖਣਾ ਚਾਹੁੰਦਾ ਸੀ। ਸੋ, ਰੂਪ ਢਿੱਲੋਂ ਨੇਂ ਆਪਣੀ ਇਸੇ ਤਾਂਘ ਸਦਕਾ ਹੀ ਤੀਹ ਵਰ੍ਹਿਆਂ ਦੀ ਉਮਰ ਵਿਚ ਪੰਜਾਬੀ ਭਾਸ਼ਾ ਬੋਲਣੀ, ਲਿਖਣੀ ਅਤੇ ਪੜ੍ਹਨੀ ਸਿੱਖੀ। ਵਿਦੇਸ਼ ਵਿਚ ਹੋਣ ਕਾਰਣ ਰੂਪ ਨੂੰ ਪੰਜਾਬੀ ਸਿੱਖਣ ਲਈ ਲੋੜੀਂਦਾ ਮਾਹੋਲ ਨਾ ਮਿਲ ਸਕਿਆ ਕਿਉਂਕਿ ਉੱਥੇ ਪੰਜਾਬੀ ਭਾਸ਼ਾ ਨੂੰ ਆਮ ਤੌਰ ਤੇ ਬੋਲਣ ਚਾਲਣ ਵਿਚ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ, ਸੋ ਅਭਿਆਸ ਕਰਨ ਲਈ ਢੁਕਵਾਂ ਸਾਥ ਨਨਸੀਬ ਨਾ ਹੋਇਆ। ਸ਼ਾਇਦ ਇਹੋ ਕਾਰਣ ਹੈ ਕਿ ਰੂਪ ਢਿੱਲੋਂ ਦੀ ਪੰਜਾਬੀ ਲੇਖਨੀ ਵਿਚ ਵਿਆਕਰਣ ਸਬੰਧੀ ਇੱਕਾ ਦੁੱਕਾ ਖ਼ਾਮੀਆਂ ਕਿਧਰੇ ਕਿਧਰੇ, ਲਗਭਗ ਹਰ ਸਫ਼ੇ 'ਤੇ ਮਿਲ ਹੀ ਜਾਂਦੀਆਂ ਹਨ (ਜਿਨ੍ਹਾ ਨੂੰ ਲੇਖਕ ਆਪ ਵੀ ਮੰਨਦਾ ਹੈ ਅਤੇ ਆਪਣੇ ਪਾਠਕਾਂ ਅੱਗੇ ਖ਼ੇਦ ਵੀ ਪ੍ਰਗਟਾਉਂਦਾ ਹੈ) ਪਰ ਇਹ ਸੱਭ ਖ਼ਾਮੀਆਂ ਆਪੋ ਹੀ ਢੱਕੀਆਂ ਜਾਂਦੀਆਂ ਹਨ ਅਤੇ ਪਾਠਕਾਂ ਦੇ ਮਨਾਂ ਵਿਚ ਖ਼ਲਦੀਆਂ ਨਹੀਂ ਹਨ ਕਿਉਂਕਿ ਪੰਜਾਬੀ ਵਾਰਤਕ ਨੂੰ ਨਵਾਂ 'ਰੂਪ' ਦੇਣ ਵਾਲੇ ਰੂਪ ਨੇਂ ਆਪਣੀ ਨਾਵਲ ਲੇਖਣੀ ਵਿਚ ਗਾਇਕੀ ਵਾਲੀ ਲੈਅ ਬੱਧਤਾ ਅਤੇ 'ਵਚਿੱਤਰਵਾਦ' ਨੂੰ ਇਸ ਢੰਗ ਨਾਲ ਸਮੋਇਆ ਹੈ ਕਿ ਲੈਅ ਬੱਧ ਤਰੀਕੇ ਨਾਲ ਪਰੋਸੀ ਹੋਈ ਸਮੱਗਰੀ ਨੂੰ ਪੜ੍ਹਦੇ ਹੋਇਆਂ ਪਾਠਕ ਦੇ ਮਨ ਵਿਚ ਇਸ ਗੱਲ ਦੀ ਜਿਗਿਆਸਾ ਆਪ ਮੁਹਾਰ ਜਾਗ ਪੈਂਦੀ ਹੈ ਕਿ ਅਗਲੇ ਅਧਿਆਇ ਵਿਚ ਕੀ ਹੋਵੇਗਾ। ਇੰਝ ਹੋਣਾ ਪੰਜਾਬੀ ਸਾਹਿਤ ਵਿਚ 'ਵਚਿੱਤਰਵਾਦ' ਦੇ ਪੈਰ ਮਜ਼ਬੂਤ ਹੋਣ ਅਤੇ ਲੇਖਕ ਦੀ ਮਿਹਨਤ ਦੇ ਸੁਫ਼ਲ ਹੋਣ ਦੀਆਂ ਪੱਕੀਆਂ ਨਿਸ਼ਾਨੀਆਂ ਹਨ।

ਇਸ ਨਾਵਲ ਦੀ ਜਿਲ਼ਦ ਉਪਰ ਲੇਖਕ ਦੇ ਨਾਮ ਤੋਂ ਪਹਿਲਾਂ ਇਕ ਸ਼ੇਰ ਦੀ ਤਸਵੀਰ ਛਪੀ ਹੈ ਅਤੇ ਨਾਵਲ ਦਾ ਸਿਰਲੇਖ 'ਓ' ਛਪਿਆ ਹੋਇਆ ਹੈ ਜੋ ਪਹਿਲੀ ਨਜ਼ਰੀਂ ਬਹੁਤ ਹੀ ਵਚਿੱਤਰ ਜਾਪਦੇ ਹਨ ਕਿਉਂਕਿ ਤਸਵੀਰ ਸ਼ੇਰ ਦੀ ਛਪੀ ਹੈ ਪਰ ਸਿਰਲੇਖ ਵਿਚ ਕਿਸੇ ਸ਼ੇਰ ਦਾ ਨਾਮ ਨਹੀਂ ਜਾਪਦਾ; ਸਿਰਲੇਖ ਸਿਰਫ ਇਕ ਅੱਖਰੀ 'ਓ' ਹੈ ਜੋ ਬਹੁਤ ਛੌਟਾ ਜਾਪਦਾ ਹੈ ਪਰ ਇਹੋ 'ਵਚਿੱਤਰਵਾਦ' ਦੀ ਇਕ ਸੂਖਮ ਸੁਫ਼ਲਤਾ ਦੀ ਹੀ ਇਕ ਹੋਰ ਮਿਸਾਲ ਹੈ।'ਓ' ਵੇਖਣ ਨੂੰ ਭਾਵੇਂ ਬਹੁਤ ਛੋਟਾ ਜਾਪਦਾ ਹੈ ਪਰ ਇਸਨੇ ਆਪਣੇ ਆਪ ਵਿਚ ਓਂਕਾਰ ਦੀ ਵਿਸ਼ਾਲਤਾ ਨੂੰ ਸਮਾਇਆ ਹੋਇਆ ਹੈ। ਇਸ ਨਾਵਲ ਦੇ ਮੁੱਖ ਪਾਤਰ ਓਂਕਾਰ ਅਤੇ ਸੀਮਾ ਹਨ। ਓਂਕਾਰ ਕੌਣ ਹੈ, ਕੀ ਹੈ, ਕੀ ਕਰਦਾ ਹੈ ਅਤੇ ਉਸਦਾ ਕੀ ਮਕਸਦ ਹੈ ਇਹੋ ਸਵਾਲ ਇਸ ਨਾਵਲ ਵਿਚ ਵਚਿੱਤਰਵਾਦ ਹੈ। ਇਸ ਨਾਵਲ ਵਿਚ ਦੇਸੀ ਅਤੇ ਵਿਦੇਸ਼ੀ ਸ਼ਿਕਾਰੀਆਂ ਦੀ ਇਕ ਟੋਲੀ ਵੀ ਹੈ ਜੋ ਸ਼ੈਤਾਨ ਨਾਮ ਦੇ ਇਕ ਸ਼ੇਰ ਦਾ ਸ਼ਿਕਾਰ ਕਰਨਾ ਲੌਚਦੀ ਹੈ। ਨਾਵਲ ਦੀ ਜਿਲ਼ਦ 'ਤੇ ਛਪੇ ਜਵਾਨ ਸ਼ੇਰ ਦੇ ਨਾਲ ਨਾਲ ਇਸ ਨਾਵਲ ਦੀ ਕਥਾ ਉਤਰਾਖੰਡ(ਚਮੋਲੀ) ਤੋਂ ਚੱਲ ਕੇ, ਹਿਮਾਚਲ ਪ੍ਰਦੇਸ਼ ਦੇ ਰਸਤਿਅਓਂ, ਪੰਜਾਬ ਵੱਲ ਵੱਧਦੀ ਹੈ ਜੋ ਕਿਸੇ ਦੇਸ਼ ਦੀਆਂ ਰੂੜੀਵਾਦੀ ਸੋਚਾਂ, ਪੈਸੇ ਪ੍ਰਤੀ ਖਿੱਚਾਂ, ਮਨੁੱਖੀ ਕਦਰਾਂ ਕੀਮਤਾਂ ਦੇ ਕਤਲ ਅਤੇ ਸਵਾਰਥਪੁਣੇ ਦੇ ਨਾਲ ਨਾਲ ਸ਼ੇਰ ਦੀ ਚਮੜੀ ਵਿਚ ਲੁਕੇ ਇਕ ਚੰਗੇ ਦਿਲ ਵਾਲੇ ਇਨਸਾਨ ਨੂੰ ਉਜਾਗਰ ਕਰਦੀ ਹੈ:
"ਉੰਝ ਮੁੰਡਾ ਤਾਂ ਸੱਤਵੀਂ ਵਾਰੀ ਮਿਲਿਆ। ਛੇ ਕੁੜੀਆਂ ਹੋਈਆਂ, ਪਰ ਛੇ ਕੁੱਖ 'ਚੋਂ ਨਿਕਲਦੀਆਂ ਮਾਰ ਦਿੱਤੀਆਂ" (ਸਫ਼ਾ-9)

ਇਸ ਨਾਵਲ ਦਾ ਲੇਖਕ ਭਾਵੇਂ, ਵਿਦੇਸ਼ ਵਿਚ ਜੰਮਿਆ ਅਤੇ ਪਲਿਆ ਹੈ ਪਰ ਉਸਨੇ ਪੰਜਾਬੀ ਭਾਸ਼ਾ ਵਿਚ ਲਿਖਣ ਦੀ ਮਹਾਰਤ ਹਾਸਲ ਕਰਨ ਲਈ ਪੂਰੀ ਵਾਹ ਲਾਈ ਹੈ, ਇੱਥੋਂ ਤੀਕ ਕਿ ਉਸਨੇ ਪੰਜਾਬੀ ਦੇ ਮੁਹਾਵਰਿਆਂ ਅਤੇ ਲੋਕੋਕਤੀਆਂ ਦੀ ਵੀ ਪੁਰਜ਼ੋਰ ਅਤੇ ਢੁਕਵੀਂ ਵਰਤੋਂ ਕੀਤੀ ਹੈ:

" ਓਂਕਾਰ ਨੇ ਕਿੱਥੇ ਬਦਲਣਾ? ਵਾਦੜੀਆਂ ਸਜਾਦੜੀਆਂ ਜਾਣ ਸਿਰਾਂ ਦੇ ਨਾਲ" (ਸਫ਼ਾ-26)

ਸ਼ਫ਼ਰ ਤੋਂ ਸ਼ੁਰੂ ਹੋ ਕਿ ਸਫ਼ਰ ਨਾਲ ਹੀ ਅੱਗੇ ਵੱਧਦੇ ਇਸ ਨਾਵਲ ਵਿਚ ਇਕ ਸਫ਼ਰਨਾਮਾ ਵੀ ਝਲਕਦਾ ਹੈ:

"ਤੁਹਾਡੇ ਨਾਲ ਰਹਿ ਕੇ ਲਾਹੌਰ ਵੇਖਣ ਦੀ ਕੋਈ ਲੋੜ ਨ੍ਹੀਂ। ਮੈਨੂੰ ਕਈ ਚੀਜ਼ਾਂ ਨਜ਼ਰ ਆਈਆਂ ਨੇ।" (ਸਫ਼ਾ-56)

ਇਨਸਾਨ ਵਿਚ ਜਾਨਵਰ ਦੀ ਹੋਂਦ ਨੂੰ ਇਸ ਨਾਵਲ ਵਿਚ ਬਾਖ਼ੂਬੀ ਚਿਤਰਿਆ ਗਿਆ ਹੈ:

"ਨਿੱਤ ਨਿੱਤ ਮੇਰੀ ਭੁੱਖ ਵੱਧ ਗਈ।ਜੋ ਮੇਰੇ ਸਾਹਮਣੇ ਧਰਿਆ ਮੈਂ ਰਜ ਰਜ ਕੇ ਖਾਈ ਗਿਆ। ਪਰ ਪੇਟ ਦੀ ਅੱਗ ਨਹੀਂ ਮਿਟੀ। ਸਬਜ਼ੀਆਂ, ਫਲ ਅਤੇ ਹੋਰ ਸਮਾਨ ਬੇਸੁਆਦ ਬਣ ਗਏ। ਮੀਟ ਤੋਂ ਛੁੱਟ ਸਭ ਕੁੱਝ ਬੁਰਾ ਲੱਗਣ ਲਗ ਪਿਆ। ਅੱਠੇ ਪਹਿਰ ਮੈਂ ਮਾਸ ਖਾਣ ਲੱਗ ਪਿਆ।ਇਸ ਹਾਲ 'ਚ ਮੈਂ ਦਸ ਦਿਨਾ ਲਈ ਰਿਹਾ। ਖਾ ਖਾ ਕੇ ਰਜ ਕੇ ਸੋਂਦਾ ਸੀ।………… ਮੇਰੀ ਸੁਣਨ ਸੁੰਘਣ ਸ਼ਕਤੀ ਵੱਧ ਗਈ। ਸੁੰਘ ਕੇ ਹੀ ਪਤਾ ਲਗ ਜਾਂਦਾ ਸੀ ਜੇ ਕੋਈ ਮੇਰੇ ਕਮਰੇ ਦੇ ਦਰ ਵੱਲ ਆਉਂਦਾ ਸੀ। " (ਸਫ਼ਾ-99)

ਇਸ ਸਮੀਖਿਆ ਵਿਚ ਨਾਵਲ ਦੀ ਕਥਾ ਬਾਰੇ ਇਸ ਤੋਂ ਵੱਧ ਬਿਆਨ ਕਰਨਾ, ਨਾਵਲ ਦੀ ਵਚਿੱਤਰਵਾਦਿਤਾ ਦੇ ਡੂੰਘੇ ਭੇਦ ਸਰੇਆਮ ਖੋਲ੍ਹਣ, ਉਤਸੁਕਤਾ ਦੇ ਲਗੰਦੇ ਇਕਦੱਮ ਉਧੇੜਨ ਅਤੇ ਪਾਠਕਾਂ ਦੇ ਉਤਸੁਕਤਾਤਮਕ ਪਠਨ-ਸ਼ੋਂਕ ਦੀ ਪਿੱਠ ਵਿਚ ਛੁਰਾ ਘੋਭਣ ਦੇ ਬਰਾਬਰ ਇਕ ਵੱਡਾ ਗੁਨਾਹ ਹੋਵੇਗਾ:
"ਦਰਵਾਜ਼ਾ ਖੜਕਿਆ। ਉਹ ਸੀ। ਅਤੇ ਇਹ ਫਿਰ ਉਹੀ ਰਾਤ ਸੀ। ਹੋ ਨਹੀਂ ਸਕਦਾ, ਪਰ ਹੋ ਰਿਹਾ ਸੀ। ਫਿਰ……" (ਸਫਾ 179)
ਲੇਖਕ ਦੇ ਪਿਤਾ ਸ੍ਰੀ ਗੁਰਮੇਜ ਸਿੰਘ ਢਿੱਲੋਂ ਗੋਰਾਇਆ (ਦੋਆਬਾ) ਤੋਂ ਸਨ ਅਤੇ ਮਾਂ ਚੀਮਨਾਂ (ਮਾਲਵਾ) ਤੋਂ, ਸ਼ਾਇਦ ਇਹੋ ਕਾਰਣ ਹੈ ਕਿ ਉਸਦੀ ਭਾਸ਼ਾ ਵਿਚ ਦੁਆਬੀ ਅਤੇ ਮਲਵਈ ਛੋਹਾਂ ਆਮ ਕਰਕੇ ਮਿਲ ਜਾਂਦੀਆਂ ਹਨ। ਤਕਰੀਬਨ 16 ਕੂ ਵਰ੍ਹਿਆਂ ਪਹਿਲਾਂ ਵਿਆਹੇ ਲੇਖਕ ਦੇ ਦੋ ਪੁੱਤਰ ਹਨ ਜਿਨ੍ਹਾ ਨੂੰ ਪੰਜਾਬੀ ਬੋਲਣ ਦਾ ਮੁਢਲਾ ਗਿਆਨ ਤਾਂ ਹੈ ਪਰ ਉਨ੍ਹਾ ਨੂੰ ਪੰਜਾਬੀ ਭਾਸ਼ਾ ਵਿਚ ਮਾਹਿਰ ਬਨਾਉਣ ਲਈ ਲੇਖਕ ਵਲੋਂ ਉਨ੍ਹਾ ਦੋਹਾਂ ਨੂੰ ਵੀ ਪੰਜਾਬੀ ਭਾਸ਼ਾ ਸਿਖਾਈ ਜਾ ਰਹੀ ਹੈ ਤਾਂ ਕਿ ਵਿਦੇਸ਼ ਵਿਚ ਜੰਮੇ ਹੋਣ ਦੇ ਬਾਵਜੂਦ ਵੀ ਉਹ ਪੰਜਾਬ ਅਤੇ ਪੰਜਾਬੀ ਭਾਸ਼ਾ ਨਾਲ ਜੁੜ ਸਕਣ। ਪੰਜਾਬੀ ਭਾਸ਼ਾ ਨਾਲ ਲੇਖਕ ਦੇ ਵਿਸੇਸ਼ ਪਿਆਰ ਦਾ ਵੱਡਾ ਪ੍ਰਮਾਣ ਇਸ ਤੱਥ 'ਤੋਂ ਵੀ ਮਿਲਦਾ ਹੈ ਕਿ ਉਸਨੇ ਕੋੜੀ ਸੱਚਾਈ ਵਰਗੀ ਆਪਣੀ ਇਹ 179 ਸਫਿਆਂ ਦੀ ਪੁਸਤਕ ਵੀ ਪੰਜਾਬੀ ਬੋਲੀ ਦੇ ਆਸ਼ਿਕਾਂ ਅਤੇ ਆਪਣੇ ਪੰਜਾਬੀ ਸਿੱਖ ਰਹੇ ਦੋਹਾਂ ਸਪੁੱਤਰਾਂ ਨੂੰ ਹੀ ਸਮਰਪਿਤ ਕੀਤੀ ਹੈ।

  Grade 
  ਅਮਰਜੀਤ ਬੋਲਾ
  15/06/2015

  "ਓ"

  http://www.5abi.com/breview/027-O-roop-bola-280315.htm
  ਰੂਪ ਢਿੱਲੋ ਦਾ ਨਵਾਂ ਨਾਵਲ "ਓ"
  ਅਮਰਜੀਤ ਬੋਲਾ, ਦਰਬੀ ਯੂਕੇ
  ਰੂਪ ਢਿੱਲੋ ਦੀ ਨਵੀਂ ਨਾਵਲ ਉਸਦੀ ਪਹਿਲੀ ਕਿਤਾਬ "ਭਰਿੰਡ" ਤੋਂ ਵੀ ਅਲੱਗ ਹੈ। ਰੂਪ ਪੰਜਾਬ ਤੋਂ ਨਹੀ ਹੈ ਪਰ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ।

  ਉਸ ਨੇ ਵਿਦੇਸ਼ ਦੀ ਉਪਬੋਲੀ ਵਿੱਚ "ਓ" ਜਾਨੀ ਓਂਕਾਰ ਨਾਵਲ ਲਿੱਖੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਨਵਾਂ ਰੂਪ ਦਿੰਦਾ ਅਤੇ ਪੰਜਾਬੀ ਸਾਹਿਤ ਲਈ ਨਵੀਂ ਸ਼ੈਲੀ ਪੇਸ਼ ਕੀਤੀ ਹੈ। "ਓ" ਅੰਗ੍ਰੇਜ਼ਾਂ ਦੀਆਂ ਕਹਾਣੀਆਂ ਵਾਂਗ ਚੱਲਦੀ ਹੈ। ਇਸ ਲਈ ਆਮ ਪਾਠਕ ਨੂੰ ਦੋ ਤਿੰਨ ਬਾਰ ਪੜ੍ਹਣੀ ਪੈਣੀ ਹੈ। ਪਰ ਜਦ ਪੜ੍ਹਣ ਵਾਲਾ ਰੂਪ ਦੇ ਸੋਚ ਦੀ ਲੜੀ ਫੜ੍ਹ ਲੈਂਦਾ, ਕਮਾਲ ਦੀ ਕਹਾਣੀ ਸਾਹਮਣੇ ਆਉਂਦੀ ਹੈ ਜਿਸ ਵਿੱਚ ਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।

  ਬਹੁਤ ਜ਼ਿਆਦੇ ਨਵੇਂ ਤਰੀਕੇ ਵਰਤਦਾ ਆਵਦੀ ਕਹਾਣੀ ਵਿੱਚ ਜਿਸ ਲਈ ਇਹ ਨਾਵਲ ਮੁਲਤੀਕੰਪਲੈਕਸ ਹੈ। "ਓ" ਤਾਂ ਲਾਫ਼ਾਨੀ ਆਦਮੀ ਹੈ ਜਿਸ ਨੇ 1848 , 1947 ਅਤੇ 1984 ਵੀ ਦੇਖਿਆ ਹੈ। ਇਸ ਕਰਕੇ ਰੂਪ ਢਿੱਲੋਂ ਇਤਿਹਾਸ ਦੇ ਸਫਿਆਂ ਤੇ ਛਾਣ ਮਾਰ ਸਕਦਾ ਅਤੇ ਹਰ ਇਨਸਾਨ ਦੇ ਜਾਤੀ ਦੁੱਖ। ਮੇਰੇ ਖਿਆਲ'ਚ ਹੋ ਸਕਦਾ ਪੰਜਾਬੀ ਦੀ ਪਹਿਲੀ ਮਹਾਨ ਨਾਵਲ ਹੈ।ਕਹਾਣੀ ਦਾ ਪਾਤਰ ਵੀ ਅਜੀਬ ਜਿਹਾ ਹੈ। "ਓ" ਇੱਕ ਆਦਮੀ ਹੈ ਜੋ ਦਿਨੇ ਸ਼ੇਰ ਰੂਪ'ਚ ਤੁਰਦਾ ਫਿਰਦਾ ਅਤੇ ਰਾਤ'ਚ ਬੰਦਾ ਵਾਪਸ ਬਣ ਜਾਂਦਾ ਹੈ।

  ਮੈਂ ਕਹਿ ਸਕਦਾ ਹਾਂ ਕਿ ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ। ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ। ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ? ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।

  ਅਗਰ ਮੈਂ ਰੂਪ ਦੀ ਰਚਨਾਂ ਦੀ ਤੁਲਨਾ ਕਿਸੇ ਮਹਾਨ ਸਾਹਿਤਕਾਰ ਨਾਲ਼ ਕਰਾਂ ਤਾਂ ਜਸਵੰਤ ਸਿੰਘ ਕੰਵਲ ਦੇ ਨਾਲ਼ ਕਰਾਂਗਾ। ਰੂਪ ਤਰ੍ਹਾਂ ਦੇ ਅੱਜ ਕੱਲ੍ਹ ਬਹੁਤ ਗਿਣਤੀ 'ਚ ਪੰਜਾਬੀ ਲੇਖਕ ਨਹੀਂ ਹਨ। "ਓ" ਨਾਵਲ ਕੁੱਝ ਪਾਠਕਾਂ ਲਈ ਜ਼ਬਰਦਸਤ ਹੋਵੇਗੀ ਪਰ ਕਹੀਆਂ ਲਈ ਔਖੀ ਤੇ ਅਜੀਬ ਵੀ ਹੋਵੇਗੀ।

  ਅਮਰਜੀਤ ਬੋਲਾ, ਦਰਬੀ ਯੂਕੇ

   Write your review !

   Write your review

   O

   O

   Roop Dhillion

   Write your review